ਸੱਤ ਸਮੁੰਦਰੋਂ ਪਾਰ ਕੈਨੇਡਾ ਪੜ੍ਹਨ ਆਏ ਪੰਜਾਬੀ ਅੰਤਰ ਰਾਸ਼ਟਰੀ ਵਿਦਿਆਰਥੀ ਵੱਖ ਵੱਖ ਕਾਰਨਾਂ ਕਰਕੇ ਮੌਤ ਦੇ ਮੂੰਹ ਜਾ ਪੈਂਦੇ ਹਨ , ਕਈ ਮਾਪਿਆਂ ਨੂੰ ਤਾਂ ਆਪਣੇ ਧੀ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ , ਇਹਨਾਂ ਬੇਵਕਤੀ ਮੌਤਾਂ ਦਾ ਸ਼ਿਕਾਰ ਹੋਏ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਦੀਆਂ ਮਿਰਤਕ ਦੇਹਾਂ ਦਾ ਵਾਰਸਾਂ ਤੱਕ ਪੁੱਜਣ ਦਾ ਸਫ਼ਰ, ਬਹੁਤ ਭਾਵਨਾਤਕਮ ਅਤੇ ਚਣੌਤੀਆਂ ਨਾਲ ਭਰਿਆ ਹੋਇਆ ਹੈ
ਚੜ੍ਹਦੀ ਜਵਾਨੀ ਵਿਚ ਬਹੁਤ ਸਾਰੇ ਸੁਪਨੇ ਅਤੇ ਚਾਅ ਲੈਕੇ ਕਨੇਡਾ ਪੁੱਜੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਬੇਵਕਤੀ ਕੁਦਰਤੀ ਮੌਤਾਂ ਦਾ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ , ਜਿਸ ਦੀ ਪੁਸ਼ਟੀ ਵੱਖ ਵੱਖ ਫਿਊਨਰਲ ਹੋਮਜ਼ ਦੇ ਅੰਕੜੇ ਕਰਦੇ ਹਨ , ਇਹ ਹੋਮ ਇਹਨਾਂ ਵਿਦਿਆਰਥੀਆਂ ਦੀਆਂ ਮਿਰਤਕ ਦੇਹਾਂ ਵਾਪਸ ਓਹਨਾ ਦੇ ਘਰ ਭੇਜਣ ਲਈ ਹਰ ਸੰਭਵ ਯਤਨ ਕਰਦੇ ਹਨ ਹਾਲਾਂਕਿ ਇਨਸਾਨੀਅਤ ਦੇ ਨਾਤੇ ਅਜਿਹੀ ਪ੍ਰਕਰਿਆ ਕਰਨੀ ਫਰਜ਼ ਵੀ ਹੈ ਅਤੇ ਇਹ ਬੇਹੱਦ ਦੁਖਦਾਈ ਵੀ ਹੈ ,ਇੰਦਰਜੀਤ ਸਿੰਘ ਬੱਲ ਪਿੱਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬਰੈਂਪਟਨ ਵਿਚ ਇਕ ਫਿਊਨਰਲ ਹੋਮ ਦੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ , ਓਹਨਾ ਭਾਰਤ ਤੋਂ ਪੜ੍ਹਨ ਆਏ ਵਿਦਿਆਰਥੀਆਂ ਦੀਆਂ ਮਿਰਤਕ ਦੇਹਾਂ ਬਾਰੇ ਗੱਲਬਾਤ ਕਰਦਿਆਂ ਇਹ ਪੁਸ਼ਟੀ ਕੀਤੀ ਹਰ ਸਾਲ ਉਹਨਾਂ ਦੇ ਕੋਲ ਦਰਜ਼ ਅੰਕੜੇ ਵਿਚ ਵਾਧਾ ਹੁੰਦਾ ਹੈ
ਇੰਦਰਜੀਤ ਮੁਤਾਬਿਕ ਇਹ ਅਜਿਹੀ ਘੜੀ ਹੁੰਦੀ ਹੈ ਜਦੋ ਇਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ , ਅਜਿਹੇ ਹਾਲਾਤਾਂ ਵਿੱਚ ਪਰਿਵਾਰ ਨਾਲ ਗੱਲਬਾਤ ਅਤੇ ਕਨੂੰਨੀ ਚਾਰਾਜੋਈ ਕਰਨ ਲਈ ਮਨਜ਼ੂਰੀ ਲੈਣਾ ਕਰਨੀ ਬੇਹੱਦ ਦੁਖਦਾਈ ਅਤੇ ਚੁਣੌਤੀਪੂਰਨ ਕਾਰਜ ਹੈ ,ਇੰਦਰਜੀਤ ਬੱਲ ਮੁਤਾਬਿਕ ਵਿਦਿਆਰਥੀਆਂ ਦੇ ਮਾਨਸਿਕ ਅਤੇ ਵਿੱਤੀ ਬੋਝ ਨੂੰ ਘਟਾਉਣ ਲਈ ਵਿਆਪਕ ਸੁਧਾਰ ਦੀ ਲੋੜ ਹੈ, ਓਹਨਾ ਮੁਤਾਬਿਕ ਵੱਡੀ ਫੀਸ ਵਸੂਲਣ ਵਾਲੇ ਕਨੇਡੀਅਨ ਵਿਦਿਅਕ ਅਦਾਰਿਆਂ ਨੂੰ ਇਹਨਾਂ ਵਿਦਿਆਰਥੀਆਂ ਲਈ ਹੋਸਟਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਮੁਤਾਬਿਕ ਅਜਿਹਾ ਕਰਨ ਨਾਲ ਵਿਦਿਆਰਥੀਆਂ ਉੱਪਰ ਵਿੱਤੀ ਬੋਝ ਨੂੰ ਘਟਾਇਆ ਜਾ ਸਕਦਾ ਹੈ
ਇਸ ਤੋਂ ਇਲਾਵਾ ਅਸੀਂ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸਿਧੇ ਤੌਰ ਤੇ ਜੁੜੇ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਬੁਲਾਰੇ ਜਸਪ੍ਰੀਤ ਸਿੰਘ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਕਿਹਾ ਕਿ ਵਿਦਿਆਰਥੀਆਂ ਉਪਰ ਮਾਨਸਿਕ ਬੋਝ ਹੋਰ ਬਹੁਤ ਸਾਰੀਆਂ ਅਲਾਮਤਾਂ ਨੂੰ ਸੱਦਾ ਦਿੰਦਾ ਹੈ। ਜਸਪ੍ਰੀਤ ਅਨੁਸਾਰ ਵਿਦਿਆਰਥੀਆਂ ਨੂੰ ਆਪਸੀ ਸੰਵਾਦ ਰਾਹੀਂ ਮੁਸ਼ਕਿਲਾਂ ਦਾ ਹੱਲ ਲੱਭਣਾ ਚਾਹੀਦਾ ਹੈ। ਜਸਪ੍ਰੀਤ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਖ ਵੱਖ ਚਣੌਤੀਆਂ ਨਾਲ ਦੋ ਹੱਥ ਕਰ ਰਹੇ ਆਪਣੇ ਬੱਚਿਆਂ ਦਾ ਸਾਥ ਦੇਣ।